Punjab Weather: ਇਕਦਮ ਛਾਏ ਸੰਘਣੇ ਬੱਦਲ, ਅਗਲੇ ਕੁਝ ਘੰਟਿਆਂ ‘ਚ ਭਾਰੀ ਮੀਂਹ ਦਾ ਅਲਰਟ

14

Today Weather Forecast: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਦਾ ਮੌਸਮ ਇਕਦਮ ਬਦਲ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੇ ਬੱਦਲ ਛਾਏ ਹੋਏ ਹਨ ਅਤੇ ਬਾਰਸ਼ ਹੋ ਸਕਦੀ ਹੈ।

ਮੌਸਮ ਵਿਗਿਆਨੀਆਂ ਨੇ 7 ਤੇ 8 ਜਨਵਰੀ ਨੂੰ ਸੂਬੇ ਵਿੱਚ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਓਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਬਾਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਲੰਘੀ ਸ਼ਾਮ ਤੋਂ ਦੇਰ ਰਾਤ ਤਕ ਮੀਂਹ ਵੀ ਪਿਆ। ਮੀਂਹ ਪੈਣ ਤੋਂ ਬਾਅਦ ਠੰਢੀਆਂ ਹਵਾਵਾਂ ਚੱਲੀਆਂ ਜਿਸ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ।

ਉੱਤਰੀ ਭਾਰਤ ਦੇ ਰਾਜਾਂ ਵਿਚ ਸੀਤ ਲਹਿਰ ਕਾਰਨ ਸਮੁੱਚਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪੰਜਾਬ ਅਤੇ ਪੂਰਾ ਉੱਤਰੀ ਭਾਰਤ ਧੁੰਦ, ਸੀਤ ਲਹਿਰ ਅਤੇ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਇਸ ਦੌਰਾਨ ਸੋਮਵਾਰ ਨੂੰ ਦਿੱਲੀ ਐਨਸੀਆਰ ਵਿੱਚ ਹਲਕੀ ਬਾਰਿਸ਼ ਨੇ ਮੌਸਮ ਬਦਲ ਦਿੱਤਾ। ਧੁੰਦ ਤੋਂ ਲੋਕਾਂ ਨੂੰ ਰਾਹਤ ਤਾਂ ਮਿਲੀ ਪਰ ਠੰਢ ਕਾਰਨ ਹਾਲਤ ਬਦ ਤੋਂ ਬਦਤਰ ਹੋ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਕਾਰਨ ਦਿੱਲੀ ਐਨਸੀਆਰ ਵਿੱਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਹਫਤੇ ਦੇ ਅੰਤ ‘ਚ ਦਿੱਲੀ ‘ਚ ਫਿਰ ਤੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਕ ਨਵੀਂ ਪੱਛਮੀ ਗੜਬੜੀ ਪੈਦਾ ਹੋਵੇਗੀ। ਇਸ ਕਾਰਨ ਘੱਟੋ-ਘੱਟ ਤਾਪਮਾਨ ‘ਚ ਭਾਰੀ ਗਿਰਾਵਟ ਆਵੇਗੀ। ਮੌਸਮ ਵਿਭਾਗ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਪੱਛਮੀ ਗੜਬੜੀ ਕਾਰਨ ਉੱਥੋਂ ਦੀਆਂ ਹਵਾਵਾਂ ਹੋਰ ਵੀ ਖੁਸ਼ਕ ਹੋ ਜਾਣਗੀਆਂ ਅਤੇ ਫਿਰ ਮੈਦਾਨੀ ਇਲਾਕਿਆਂ ਤੱਕ ਪਹੁੰਚ ਜਾਣਗੀਆਂ, ਜਿਸ ਕਾਰਨ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਇੱਕ ਹੋਰ ਪੱਛਮੀ ਗੜਬੜੀ ਇਸ ਹਫ਼ਤੇ ਦੇ ਅੰਤ ਵਿੱਚ ਵਿਕਸਤ ਹੋਵੇਗੀ। ਇਸ ਕਾਰਨ ਨਾ ਸਿਰਫ਼ ਪਹਾੜਾਂ ਵਿੱਚ ਸਗੋਂ ਦਿੱਲੀ ਐਨਸੀਆਰ ਸਮੇਤ ਮੈਦਾਨੀ ਇਲਾਕਿਆਂ ਵਿੱਚ ਵੀ ਗਰਜ ਨਾਲ ਤੇਜ਼ ਮੀਂਹ ਪਵੇਗਾ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਠੰਡ ਹੋਰ ਵੀ ਸਖ਼ਤ ਹੋਣ ਵਾਲੀ ਹੈ। ਇਕ ਹੋਰ ਪੱਛਮੀ ਗੜਬੜ ਪੱਛਮੀ ਹਿਮਾਲਿਆ ਵੱਲ ਵਧ ਰਹੀ ਹੈ। ਇਹ ਮੌਸਮ ਪ੍ਰਣਾਲੀ (ਵੈਸਟਰਨ ਡਿਸਟਰਬੈਂਸ) ਉੱਤਰੀ ਰਾਜਸਥਾਨ ਅਤੇ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਉੱਤੇ ਚੱਕਰਵਾਤੀ ਸਰਕੂਲੇਸ਼ਨ (Cyclonic Circulation) ਨੂੰ ਸਰਗਰਮ ਕਰੇਗੀ। ਇਸ ਕਾਰਨ ਉੱਤਰੀ ਰਾਜਸਥਾਨ ਵਿੱਚ ਸਭ ਤੋਂ ਪਹਿਲਾਂ ਮੀਂਹ ਅਤੇ ਹਨੇਰੀ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਹੌਲੀ-ਹੌਲੀ ਇਹ ਗਤੀਵਿਧੀਆਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਦੇ ਕਈ ਹਿੱਸਿਆਂ ਵਿੱਚ ਫੈਲ ਜਾਣਗੀਆਂ।