Punjab school closed- ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ਉਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ ਜੋ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਭਾਰਤੀ ਫੌਜ ਨੇ ਵੱਡੇ ਤੜਕੇ 1.44 ਵਜੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਹਮਲੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੇ ਗਏ ਹਨ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਿਚ ਤਣਾਅ ਹੋਰ ਵਧ ਗਿਆ ਹੈ। ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਤਣਾਅ ਦੇ ਵਿਚਕਾਰ ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਵਿਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਸਕੂਲ ਬੰਦ ਕੀਤੇ ਗਏ ਹਨ। ਤਰਨਤਾਰਨ ਵਿਚ 11 ਮਈ ਤੱਕ ਸਕੂਲ ਬੰਦ ਰਹਿਣਗੇ। ਜਦੋਂ ਕਿ ਪਠਾਨਕੋਟ ਵਿਚ ਕੱਲ੍ਹ 72 ਘੰਟਿਆਂ ਲਈ ਸਕੂਲ ਬੰਦ ਕੀਤੇ ਗਏ ਸਨ।
ਫਿਰੋਜ਼ਪੁਰ ਵਿਚ ਅਧਿਕਾਰੀਆਂ ਨੇ ਅਗਲੇ ਆਦੇਸ਼ਾਂ ਤੱਕ ਅਗਲੇ 72 ਘੰਟਿਆਂ ਲਈ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਾਜ਼ਿਲਕਾ ਵਿਚ ਵੀ ਸਕੂਲ ਅਗਲੇ ਆਦੇਸ਼ਾਂ ਤੱਕ ਬੰਦ ਰਹਿਣਗੇ।
