ਮਹਿਲਾ ਕਾਂਗਰਸ ਆਗੂ ਦੀ ਬੇਰਹਿਮੀ ਨਾਲ ਹੱਤਿਆ…

26

ਹਰਿਆਣਾ ਦੇ ਰੋਹਤਕ ਵਿਚ ਇਕ ਸਨਸਨੀਖੇਜ਼ ਮਾਮਲਾ (himani narwal murder) ਸਾਹਮਣੇ ਆਇਆ ਹੈ। ਇੱਥੇ ਰੋਹਤਕ-ਦਿੱਲੀ ਹਾਈਵੇਅ ਉਤੇ ਸਾਂਪਲਾ ਬੱਸ ਸਟੈਂਡ ਨੇੜੇ ਇੱਕ ਸੂਟਕੇਸ ਮਿਲਿਆ ਹੈ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਉਸ ਵਿੱਚ ਮਹਿਲਾ ਕਾਂਗਰਸ ਆਗੂ ਹਿਮਾਨੀ ਨਰਵਾਲ ਦੀ ਲਾਸ਼ ਮਿਲੀ। ਹਿਮਾਨੀ ਨਰਵਾਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਨਜ਼ਰ ਆਈ ਸੀ। ਉਸ ਦੀ ਲਾਸ਼ ਮਿਲਣ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਹੈ। ਮ੍ਰਿਤਕਾ ਦੀ ਪਛਾਣ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਵਿੱਚ ਯੂਥ ਕਾਂਗਰਸ ਦੀ ਆਗੂ ਹਿਮਾਨੀ ਨਰਵਾਲ ਵਜੋਂ ਹੋਈ ਹੈ।

ਸਾਬਕਾ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਸੋਸ਼ਲ ਮੀਡੀਆ ਐਕਸ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ‘ਰੋਹਤਕ ਵਿੱਚ ਸਰਗਰਮ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੀ ਬੇਰਹਿਮੀ ਨਾਲ ਹੱਤਿਆ ਦੀ ਖ਼ਬਰ ਬਹੁਤ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਹੈ। ਮੈਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਇੱਕ ਲੜਕੀ ਦਾ ਇਸ ਤਰ੍ਹਾਂ ਕਤਲ ਅਤੇ ਸੂਟਕੇਸ ਵਿੱਚ ਉਸ ਦੀ ਲਾਸ਼ ਮਿਲਣਾ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ। ਇਹ ਆਪਣੇ ਆਪ ਵਿੱਚ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਇੱਕ ਧੱਬਾ ਹੈ।’’

ਗਲੇ ਵਿੱਚ ਚੁੰਨੀ ਅਤੇ ਹੱਥਾਂ ਵਿੱਚ ਮਹਿੰਦੀ…
ਦੱਸ ਦਈਏ ਕਿ ਰੋਹਤਕ ਵਿੱਚ ਕਾਂਗਰਸ ਦੀ ਨੌਜਵਾਨ ਮਹਿਲਾ ਨੇਤਾ ਹਿਮਾਨੀ ਨਰਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਹਿਮਾਨੀ ਦੀ ਲਾਸ਼ ਇੱਕ ਸੂਟਕੇਸ ਵਿੱਚੋਂ ਮਿਲੀ ਹੈ। ਲਾਸ਼ ਬੱਸ ਸਟੈਂਡ ਨੇੜੇ ਸੂਟਕੇਸ ‘ਚ ਪਈ ਮਿਲੀ। ਸ਼ਨੀਵਾਰ ਨੂੰ ਇਹ ਸੂਟਕੇਸ ਸਾਂਪਲਾ ਬੱਸ ਸਟੈਂਡ ਨੇੜੇ ਫਲਾਈਓਵਰ ਕੋਲ ਪਿਆ ਮਿਲਿਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਨੇ ਸੂਟਕੇਸ ਖੋਲ੍ਹਿਆ ਤਾਂ ਉਸ ਵਿੱਚ ਇੱਕ ਲੜਕੀ ਦੀ ਲਾਸ਼ ਸੀ। ਜਾਣਕਾਰੀ ਹੈ ਕਿ ਉਸ ਦਾ ਗਲਾ ਘੁੱਟਣ ਤੋਂ ਬਾਅਦ ਉਸ ਦੀ ਲਾਸ਼ ਨੂੰ ਸੂਟਕੇਸ ਵਿਚ ਰੱਖ ਕੇ ਸੁੱਟ ਦਿੱਤਾ ਗਿਆ ਸੀ। ਲੜਕੀ ਦੇ ਹੱਥਾਂ ‘ਤੇ ਮਹਿੰਦੀ ਸੀ ਅਤੇ ਗਲੇ ਵਿੱਚ ਕਾਲੀ ਚੁੰਨੀ ਲਪੇਟੀ ਹੋਈ ਸੀ। ਪੁਲਿਸ ਨੇ ਸ਼ੁਰੂਆਤੀ ਜਾਂਚ ‘ਚ ਕਿਹਾ ਕਿ ਮਹਿਲਾ ਨੇਤਾ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।

ਰੋਹਤਕ ਦੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਬੱਤਰਾ ਨੇ ਪੁਸ਼ਟੀ ਕੀਤੀ ਕਿ ਲਾਸ਼ ਕਾਂਗਰਸ ਮਹਿਲਾ ਆਗੂ ਹਿਮਾਨੀ ਨਰਵਾਲ ਦੀ ਹੈ।

ਕੌਣ ਸੀ ਹਿਮਾਨੀ ਨਰਵਾਲ?
ਸੋਨੀਪਤ ਦੇ ਕਥੂਰਾ ਪਿੰਡ ਦੀ ਰਹਿਣ ਵਾਲੀ ਹਿਮਾਨੀ ਨਰਵਾਲ ਕਾਂਗਰਸ ਆਗੂ ਸੀ। ਸਾਂਪਲਾ ਥਾਣੇ ਦੇ ਐਸਐਚਓ ਬਿਜੇਂਦਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਸੀ। ਨਰਵਾਲ ਨੇ ਰੋਹਤਕ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨਾਲ ਕਈ ਸਿਆਸੀ ਪ੍ਰੋਗਰਾਮਾਂ ‘ਚ ਹਿੱਸਾ ਲਿਆ ਸੀ। ਉਹ ਕਾਂਗਰਸ ਦੀਆਂ ਰੈਲੀਆਂ ਅਤੇ ਸਮਾਜਿਕ ਸਮਾਗਮਾਂ ਵਿੱਚ ਹਰਿਆਣਵੀ ਲੋਕ ਕਲਾਕਾਰਾਂ ਨਾਲ ਪ੍ਰਦਰਸ਼ਨ ਕਰਨ ਲਈ ਜਾਣੀ ਜਾਂਦੀ ਸੀ। ਉਹ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਵਿੱਚ ਪ੍ਰਚਾਰ ਕਰਨ ਵੀ ਗਈ ਸੀ।