ਹੁਣ ਆਮ ਆਦਮੀ ਕਲੀਨਿਕਾਂ ‘ਚ 38 ਦੀ ਬਜਾਏ 46 ਲੈਬ ਟੈੱਸਟਾਂ ਦੀ ਮਿਲੇਗੀ ਸਹੂਲਤ : ਰਮਨ ਬਹਿਲ

19

: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਸੂਬਾ ਵਾਸੀਆਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਕੜੀ ਵਿੱਚ, ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿੱਚ 8 ਹੋਰ ਨਵੇਂ ਲੈਬ ਟੈੱਸਟਾਂ ਦੀ ਸਹੂਲਤ ਸ਼ਾਮਲ ਕੀਤੀ ਹੈ, ਜਿਸ ਨਾਲ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਕੀਤੇ ਜਾਂਦੇ ਲੈਬ ਟੈੱਸਟਾਂ ਦੀ ਗਿਣਤੀ 38 ਤੋਂ ਵੱਧ ਕੇ 46 ਹੋ ਗਈ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਗੁਰਦਾਸਪੁਰ ਦੇ ਮਾਨ ਕੌਰ ਸਿੰਘ ਸਥਿਤ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ, ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਲੈਬ ਟੈੱਸਟਾਂ ਦੀ ਸਹੂਲਤ ਦਾ ਜਾਇਜ਼ਾ ਲਿਆ। ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ‘ਤੇ ਸੰਤੁਸ਼ਟੀ ਪ੍ਰਗਟਾਈ।

ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਨਵੇਂ ਸ਼ਾਮਲ ਕੀਤੇ ਗਏ ਲੈਬ ਟੈਸਟਾਂ ਵਿੱਚ ਟਾਈਫ਼ਾਈਡ, ਐੱਚ.ਆਈ.ਵੀ. ਏਡਸ, ਆਰ.ਪੀ.ਆਰ./ਵੀ.ਡੀ.ਆਰ.ਐੱਲ, ਐੱਚ.ਬੀ.ਐੱਸ.ਏ.ਜੀ, ਐੱਸ.ਵੀ, ਐੱਚ.ਬੀ.ਏ.ਆਈ.ਸੀ, ਡੇਂਗੂ, ਅਤੇ ਯੂਰੀਨ ਫ਼ਾਰ ਐਲਬਿਉਮਿਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬਾਂ ਵਿੱਚ ਇਹ ਟੈੱਸਟ ਬਹੁਤ ਮਹਿੰਗੇ ਹਨ, ਪਰ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਇਹ ਮੁਫ਼ਤ ਹੋਣਗੇ। ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਸਫ਼ਲਤਾ ਨਾਲ ਚੱਲ ਰਹੇ ਹਨ, ਅਤੇ ਹੁਣ ਤੱਕ 22 ਲੱਖ ਤੋਂ ਵੱਧ ਮਰੀਜ਼ ਇਨ੍ਹਾਂ ਕਲੀਨਿਕਾਂ ਰਾਹੀਂ ਸਿਹਤ ਸੇਵਾਵਾਂ ਲੈ ਚੁੱਕੇ ਹਨ।

ਇਸੇ ਤਰੀਕੇ ਨਾਲ, 18 ਲੱਖ ਮਰੀਜ਼ਾਂ ਦੇ ਮੁਫ਼ਤ ਟੈੱਸਟ ਕੀਤੇ ਗਏ ਹਨ। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਮਾਨ ਕੌਰ ਸਿੰਘ, ਜੌੜਾ ਛੱਤਰਾਂ, ਬੱਬੇਹਾਲੀ, ਗੋਹਤ ਪੋਖਰ, ਤਿੱਬੜ, ਭੋਪਰ ਸੈਦਾਂ, ਹਯਾਤ ਨਗਰ, ਅਤੇ ਭੁੰਬਲੀ ਵਿੱਚ 3 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਇਆ ਹੈ, ਜਦਕਿ 2.25 ਲੱਖ ਮਰੀਜ਼ਾਂ ਦੇ ਮੁਫ਼ਤ ਲੈਬ ਟੈੱਸਟ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਸੂਬਾ ਵਾਸੀਆਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵੱਲ ਇਕ ਹੋਰ ਵੱਡਾ ਕਦਮ ਹੈ।