ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਜੀਠਾ ਵਿਖੇ ਜਹਿਰੀਲੀ ਸ਼ਰਾਬ ਦੇ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਿਰਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਤੱਕ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਅੰਮ੍ਰਿਤਸਰ ਦੇ ਹਲਕਾ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ ਅਤੇ ਕਈ ਲੋਕ ਅਜੇ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਥਰੀਏਵਾਲ, ਮਰਾੜੀ ਕਲਾਂ, ਤਲਵੰਡੀ ਘੁੰਮਣ, ਪਤਾਲਪੁਰੀ ਅਤੇ ਭੰਗਾਲੀ ਕਲਾਂ ਦੇ ਵਸਨੀਕ ਸਨ। ਪੁਲਿਸ ਮੁਤਾਬਕ ਮਾਮਲੇ ਦੀ ਕਾਰਵਾਈ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਫੌਰੀ ਕਾਰਵਾਈ ਦੌਰਾਨ ਜ਼ਹਿਰੀਲੀ ਸ਼ਰਾਬ ਦੇ ਕਿੰਗਪਿੰਨ ਸਣੇ 7 ਮੁਲਜ਼ਮ ਕਾਬੂ ਕਰ ਲਏ ਗਏ ਹਨ। ਉਧਰ ਮੁੱਖ ਮੰਤਰੀ ਮਾਨ ਵੱਲੋਂ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਵਿਰੋਧੀਆਂ ਵੱਲੋਂ ਸੂਬਾ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਪ੍ਰਭਜੀਤ ਸਿੰਘ ਉਰਫ ਬੱਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਬ ਸਿੰਘ ਉਰਫ ਰਾਈ, ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਵਾਸੀ ਪਤਾਲਪੁਰੀ ਅਤੇ ਨਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਮਜੀਠਾ ਅਤੇ ਕੱਥੂ ਨੰਗਲ ਵਿਖੇ ਐਕਸਾਈਜ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਹਨ।
