ਜੇਲ੍ਹ ਚੋਂ ਮਿਲੀਆਂ ਨਸ਼ੀਲੀਆਂ ਗੋਲੀਆਂ ਤੇ ਸਮਾਰਟ ਫੋਨ, ਜੇਲ੍ਹ ਅਧਿਕਾਰੀ ਵੀ ਰਹਿ ਗਏ ਹੱਕੇ-ਬੱਕੇ

16

ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਮੁੜ ਮਿਲੀਆਂ ਨਸ਼ੀਲੀਆਂ ਗੋਲੀਆਂ, ਮੋਬਾਈਲ ਫੋਨ ਅਤੇ ਹੋਰ ਗ਼ੈਰ ਕਾਨੂੰਨੀ ਸਮਾਨ ਬਰਾਮਦ ਹੋਇਆ ਹੈ। ਰੁਟੀਨ ਦੀ ਤਲਾਸ਼ੀ ਦੌਰਾਨ ਜਦੋਂ ਅਧਿਕਾਰੀਆਂ ਦੇ ਹੱਥ ਦੇ ਇਹ ਸਮਾਨ ਲੱਗਿਆ ਤਾਂ ਉਹ ਵੀ ਹੱਕੇ-ਬੱਕੇ ਰਹਿ ਗਏ।

ਦਰਅਸਲ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਤਹਿਤ 1178 ਨਸ਼ੀਲੀਆਂ ਗੋਲੀਆਂ,17 ਕੈਪਸੂਲ,12 ਪੂੜੀਆਂ ਤਮਾਕੂ,7 ਟੱਚ ਸਕਰੀਨ ਮੋਬਾਈਲ ਫੋਨ, 9 ਈਅਰ ਫ਼ੋਨ, 1 ਈਅਰ ਪੈਡ, 4 ਡਾਟਾ ਕੇਬਲ, ਚਾਰਜਰ, ਅਡਾਪਟਰ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਦੋ ਦਿਨ ਪਹਿਲਾਂ ਵੀ ਤਲਾਸ਼ੀ ਦੌਰਾਨ ਜੇਲ੍ਹ ਦੇ ਵਿੱਚੋਂ ਇਕ ਕਿੱਲੋ ਦੇ ਕਰੀਬ ਹੈਰੋਇਨ ਵੀ ਬਰਾਮਦ ਹੋਈ ਸੀ।

ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਜੇਲ੍ਹ ਵਿੱਚ ਬੰਦ ਪਿੰਡ ਮਾਣਕਪੁਰ ਵਾਸੀ ਲਵਪ੍ਰੀਤ ਸਿੰਘ , ਲੁਧਿਆਣਾ ਵਾਸੀ ਅਜੈ ਕੁਮਾਰ ਉਰਫ ਗੋਲੂ, ਪਿੰਡ ਡੱਲ ਵਾਸੀ ਆਕਾਸ਼ਦੀਪ ਸਿੰਘ ਅਤੇ ਅਮ੍ਰਿਤਸਰ ਵਾਸੀ ਪਾਰਸਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।