ਜੇਕਰ ਤੁਸੀਂ ਮੁਫ਼ਤ ਯੋਗਾ ਕਲਾਸਾਂ ਲੈਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੋਵੇਗੀ ਫਾਇਦੇਮੰਦ

14

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ \“ਸੀ.ਐੱਮ. ਦੀ ਯੋਗਸ਼ਾਲਾ\” ਯੋਜਨਾ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚ ਸ਼ਾਮਲ ਹੋ ਕੇ ਲੋਕ ਸਰਵਾਈਕਲ, ਪਿੱਠ ਦਰਦ, ਥਾਇਰਾਇਡ, ਬਲੱਡ ਪ੍ਰੈਸ਼ਰ, ਸ਼ੂਗਰ, ਐਸਿਡਟੀ, ਮੋਟਾਪਾ, ਮਾਈਗ੍ਰੇਨ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ.ਐੱਮ. ਦੀ ਯੋਗਸ਼ਾਲਾ ਦੇ ਤਹਿਤ ਇਸ ਸਮੇਂ 124 ਥਾਵਾਂ ‘ਤੇ ਯੋਗਾ ਕਲਾਸਾਂ ਚਲ ਰਹੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਨਿਯਮਤ ਤੌਰ ‘ਤੇ ਭਾਗ ਲੈ ਰਹੇ ਹਨ। ਉਨਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰਕ ਬਲਕਿ ਮਾਨਸਿਕ ਬਿਮਾਰੀਆਂ ਜਿਵੇਂ ਡਿਪ੍ਰੈਸ਼ਨ ਤੇ ਫੋਬੀਆ ਵਿੱਚ ਵੀ ਲਾਭਦਾਇਕ ਸਾਬਤ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵੇਲੇ 26 ਯੋਗਾ ਟ੍ਰੇਨਰ ਤਾਇਨਾਤ ਕੀਤੇ ਗਏ ਹਨ, ਜੋ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਯੋਗਾ ਦੀ ਸਿੱਖਿਆ ਦੇ ਰਹੇ ਹਨ। ਸਥਾਨਕ ਨਾਗਰਿਕਾਂ ਵੱਲੋਂ ਇਸ ਪਹਲ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਕਿ ਇਕ ਸਿਹਤਮੰਦ ਸਮਾਜ ਵੱਲ ਉਠਾਇਆ ਗਿਆ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਕਿਸੇ ਪਿੰਡ ਜਾਂ ਕਸਬੇ ਦੇ ਲੋਕ ਆਪਣੇ ਨੇੜੇ ਯੋਗਾ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਯੋਗ ਕਲਾਸਾਂ ਦੇ ਜ਼ਿਲ੍ਹਾ ਸੁਪਰਵਾਈਜ਼ਰ ਲਵਪ੍ਰੀਤ ਸਿੰਘ ਨਾਲ ਉਹਦੇ ਨੰਬਰ 99146-81801 ‘ਤੇ ਸੰਪਰਕ ਕਰ ਸਕਦੇ ਹਨ।