ਬਠਿੰਡਾ ਦੇ MP ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਤੇ ਉਹਨਾਂ ਮੰਗ ਕੀਤੀ ਕਿ ਸਾਰੀਆਂ 22 ਫਸਲਾਂ ਲਈ MSP ਯਕੀਨੀ ਬਣਾਉਣ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ ਅਤੇ ਐਮ ਐਸ ਐਮ ਈ ਸੈਕਅਰ ਸੁਰਜੀਤ ਕੀਤਾ ਜਾਵੇ।
ਇਥੇ ਸੰਸਦ ਵਿਚ ਇਕ ਅਹਿਮ ਭਾਸ਼ਣ ਦਿੰਦਿਆਂ ਬਠਿੰਡਾ ਦੇ MP ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਨੀਤੀ ਆਯੋਗ ਦੇ ਵਿੱਤੀ ਸਿਹਤ ਇੰਸਡੈਕਸ ਵਿਚ 10.7 ਫੀਸਦੀ ਦੇ ਸਕੋਰ ਨਾਲ ਸਭ ਤੋਂ ਹੇਠਾਂ ਹੈ ਜਦੋਂ ਕਿ ਉੜੀਸਾ 67.8 ਫੀਸਦੀ ਦੇ ਸਕੋਰ ਨਾਲ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਤੇ ਪਿਛਲੀ ਕਾਂਗਰਸ ਸਰਕਾਰ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਹਨ ਕਿਉਂਕਿ ਇਹਨਾਂ ਵੱਲੋਂ ਸੂਬੇ ਵਾਸਤੇ ਕੇਂਦਰ ਦੀ ਮਦਦ ਲੈਣ ਦੇ ਕੋਈ ਯਤਨ ਨਹੀਂ ਕੀਤੇ ਗਏ।
ਹਰਸਿਮਰਤ ਕੌਰ ਬਾਦਲ ਨੇ ਬੇਰੋਜ਼ਗਾਰੀ ਦੀ ਹਾਲਾਤ ’ਤੇ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਸੈਕੰਡਰੀ ਤੇ ਹਾਇਰ ਐਜੂਕੇਸ਼ਨ ਪ੍ਰਾਪਤ ਬੇਰੋਜ਼ਗਾਰ ਨੌਜਵਾਨਾਂ ਦੀ ਗਿਣਤੀ 2002 ਵਿਚ 35 ਫੀਸਦੀ ਤੋਂ ਵੱਧ ਕੇ 2022 ਵਿਚ 65 ਫੀਸਦੀ ਹੋ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕੰਪਿਊਟਰੀਕਰਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਣ ਨੌਕਰੀਆਂ ਤੋਂ ਵਾਂਝੇ ਹੋ ਰਹੇ ਨੌਜਵਾਨ ਦੇ ਮਾਮਲੇ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਚੁੱਕਿਆ।
ਬਠਿੰਡਾ ਦੇ MP ਹਰਸਿਮਰਤ ਕੌਰ ਬਾਦਲ ਨੇ MSME ਸੈਕਟਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸੈਕਟਰ ਦੇਸ਼ ਦੀ ਜੀ ਡੀ ਪੀ ਵਿਚ 30 ਫੀਸਦੀ ਅਤੇ ਕੁੱਲ ਬਰਾਮਦਾਂ ਵਿਚ 50 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਇਸ ਸੈਕਟਰ ਨੂੰ ਅਣਡਿੱਠ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਜਾਏ ਕਰਜ਼ੇ ਨਾਲ ਜੁੜੀ ਪੂੰਜੀਗਤ ਸਬਸਿਡੀ ਸਕੀਮ ਨੂੰ ਹੋਰ ਉਦਾਰੀ ਬਣਾਉਣ ਦੇ ਇਸਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਈਕਲਾਂ ’ਤੇ ਦਰਾਮਦ ਡਿਊਟੀ 35 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਨਾਲ ਸਾਈਕਲ ਇੰਡਸਟਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
